ਦਸਮ ਗ੍ਰੰਥ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦਸਮ ਗ੍ਰੰਥ: ਦਸਮ ਗ੍ਰੰਥ ਸਿੱਖਾਂ ਦੇ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਦੇ ਨਾਂ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਗ੍ਰੰਥ ਹੈ, ਜਿਸ ਨੇ ਪੰਜਾਬ ਦੇ ਧਰਮ ਅਤੇ ਸੱਭਿਆਚਾਰ ਨੂੰ ਇੱਕ ਨਵਾਂ ਅਤੇ ਪ੍ਰਭਾਵਸ਼ਾਲੀ ਮੋੜ ਦਿੱਤਾ। ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਇਸ ਗ੍ਰੰਥ ਦਾ ਸਿੱਖ ਜਗਤ ਵਿੱਚ ਆਦਰਪੂਰਨ ਸਥਾਨ ਹੈ। ਆਪਣੇ ਸੰਕਲਨ-ਕਾਲ ਤੋਂ ਲੈ ਕੇ ਇਸ ਦੀਆਂ ਅਨੇਕ ਬੀੜਾਂ ਲਿਖੀਆਂ ਗਈਆਂ। ਵੀਹਵੀਂ ਸਦੀ ਦੇ ਅਰੰਭ ਤਕ ਇਸ ਦਾ ਪ੍ਰਕਾਸ਼ ਗੁਰਦੁਆਰਿਆਂ ਜਾਂ ਗੁਰੂ-ਧਾਮਾਂ ਵਿੱਚ ਹੁੰਦਾ ਰਿਹਾ ਹੈ ਪਰ ਉਨ੍ਹੀਵੀਂ ਸਦੀ ਦੇ ਅੰਤ ਵਿੱਚ ਸ਼ੁਰੂ ਹੋਏ ਸੁਧਾਰਵਾਦੀ ਅੰਦੋਲਨਾਂ ਅਤੇ ਨਵੀਨ ਚੇਤਨਾ ਕਾਰਨ ਇਸ ਗ੍ਰੰਥ ਪ੍ਰਤਿ ਸਿੱਖਾਂ ਵਿੱਚ ਉਪਰਾਮਤਾ ਦੀ ਭਾਵਨਾ ਵਿਕਸਿਤ ਹੋਣ ਲੱਗੀ। ਫਲਸਰੂਪ ਗੁਰੂ-ਧਾਮਾਂ ਵਿੱਚ ਇਸ ਦਾ ਪ੍ਰਕਾਸ਼ ਕਰਨਾ ਲਗਪਗ ਬੰਦ ਕਰ ਦਿੱਤਾ ਗਿਆ ਹੈ।

     ਗੁਰੂ ਗੋਬਿੰਦ ਸਿੰਘ ਦੁਆਰਾ ਰਚਿਆ ਸਾਹਿਤ ਅਤੇ ਉਹਨਾਂ ਦੇ ਦਰਬਾਰ ਵਿੱਚ ਕਵੀਆਂ ਦੁਆਰਾ ਸਿਰਜੇ ਸਾਹਿਤ ਨੂੰ ਸਿੱਖ ਇਤਿਹਾਸ ਅਨੁਸਾਰ ਇੱਕ ਆਕਾਰ ਦੇ ਗ੍ਰੰਥ ਵਿੱਚ ਸਮੇਟਿਆ ਗਿਆ ਜਿਸ ਦਾ ਨਾਂ ਵਿਦਿਆਸਰ ਜਾਂ ਵਿਦਿਆਸਾਗਰ ਰੱਖਿਆ ਗਿਆ ਅਤੇ ਜਿਸ ਦਾ ਵਜ਼ਨ ਨੌਂ ਮਣ ਸੀ। ਇਹ ਗ੍ਰੰਥ ਚਲੰਤ ਅਥਵਾ ਕੁਟਲ ਲਿਪੀ (ਖ਼ਾਸ ਲਿਪੀ) ਵਿੱਚ ਲਿਖਿਆ ਗਿਆ ਸੀ। ਇਸ ਗ੍ਰੰਥ ਵਿੱਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਰਚਨਾਵਾਂ ਦੇ ਨਾਲ-ਨਾਲ ਉਤਾਰੇ ਵੀ ਹੁੰਦੇ ਜਾਂਦੇ ਸਨ ਜੋ ਸ਼ਰਧਾਲੂ ਲੋਕ ਆਦਰ ਨਾਲ ਆਪਣੇ ਪਾਸ ਸੰਭਾਲ ਕੇ ਰੱਖਦੇ ਸਨ। ਵਿਦਿਆਸਾਗਰ ਗ੍ਰੰਥ ਦੀ ਅਜੇ ਜਿਲਦਬੰਦੀ ਨਹੀਂ ਹੋਈ ਸੀ।

     ਜਦੋਂ ਦਸੰਬਰ 1705 ਵਿੱਚ ਗੁਰੂ ਜੀ ਨੇ ਅਨੰਦਪੁਰ ਦਾ ਕਿਲ੍ਹਾ ਛਡਿਆ ਤਾਂ ਹੜ੍ਹੀ ਹੋਈ ਸਰਸਾ ਨਦੀ ਵਿੱਚ ਉਸ ਗ੍ਰੰਥ ਦੇ ਖੁੱਲ੍ਹੇ ਪੱਤਰੇ ਵੀ ਰੁੜ੍ਹ ਗਏ। ਰਵਾਇਤ ਅਨੁਸਾਰ ਉਹਨਾਂ ਰੁੜ੍ਹੇ ਜਾਂਦੇ ਪੱਤਰਾਂ ਵਿੱਚੋਂ ਕੁਝ ਸਿੱਖਾਂ ਦੇ ਹੱਥ ਲੱਗ ਗਏ, ਜੋ ਬਾਅਦ ਵਿੱਚ ‘ਖ਼ਾਸ ਪਤਰਿਆਂ` ਵਜੋਂ ਸਿੱਖ ਜਗਤ ਵਿੱਚ ਪ੍ਰਸਿੱਧ ਹੋਏ। ਗੁਰੂ ਗੋਬਿੰਦ ਸਿੰਘ ਦੇ ਜੋਤੀ- ਜੋਤਿ ਸਮਾਉਣ ਤੋਂ ਬਾਅਦ, ਕੁਝ ਕੁ ਵਿਦਵਾਨ ਅਤੇ ਮੁਖੀ ਸਿੰਘਾਂ ਨੇ ਉੱਦਮ ਕਰ ਕੇ ਗੁਰੂ-ਦਰਬਾਰ ਵਿੱਚ ਰਚੀਆਂ ਗਈਆਂ ਕ੍ਰਿਤੀਆਂ ਦੀਆਂ ਪੋਥੀਆਂ ਜਾਂ ਨਕਲਾਂ ਨੂੰ ਆਪਣੇ ਸਾਧਨਾਂ ਰਾਹੀਂ ਇਕੱਠਾ ਕਰਵਾਇਆ। ਅਜਿਹਾ ਉੱਦਮ ਕਰਨ ਵਾਲਿਆਂ ਵਿੱਚੋਂ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਸੁਖਾ ਸਿੰਘ ਪਟਨਾ ਵਾਲੇ ਦੇ ਨਾਂ ਖ਼ਾਸ ਤੌਰ `ਤੇ ਜ਼ਿਕਰ ਕਰਨ ਯੋਗ ਹਨ। ਇਹਨਾਂ ਨੇ ਚੂੰਕਿ ਆਪਣੇ-ਆਪਣੇ ਉੱਦਮ ਨਾਲ ਵੱਖਰੀ- ਵੱਖਰੀ ਥਾਂ `ਤੇ ਰਹਿੰਦੇ ਹੋਇਆਂ ਇਸ ਗ੍ਰੰਥ ਦੇ ਸੰਕਲਨ ਤਿਆਰ ਕੀਤੇ, ਇਸ ਲਈ ਇਹਨਾਂ ਵਿੱਚ ਸ਼ਾਮਲ ਕੀਤੀਆਂ ਰਚਨਾਵਾਂ ਦੀ ਗਿਣਤੀ ਅਤੇ ਕ੍ਰਮ ਇੱਕ ਸਮਾਨ ਨਹੀਂ ਰਹੇ। ਇਸ ਪ੍ਰਕਾਰ ਤਿਆਰ ਕੀਤੇ ਗ੍ਰੰਥਾਂ ਦੀਆਂ ਬੀੜਾਂ ਦਿੱਲੀ, ਸੰਗਰੂਰ, ਪਟਨਾ ਆਦਿ ਨਗਰਾਂ ਵਿੱਚ ਸੰਭਾਲੀਆਂ ਹੋਈਆਂ ਹਨ।

     ਇਸ ਪ੍ਰਕਾਰ ਦੇ ਤਿਆਰ ਹੋਏ ਗ੍ਰੰਥ ਨੂੰ ਪਹਿਲਾਂ ਬਚਿਤ੍ਰ ਨਾਟਕ ਗ੍ਰੰਥ ਕਿਹਾ ਜਾਂਦਾ ਸੀ, ਫਿਰ ਦਸਵੇਂ ਪਾਤਿਸ਼ਾਹ ਕਾ ਗ੍ਰੰਥ ਕਿਹਾ ਜਾਣ ਲੱਗਿਆ। ਬਾਅਦ ਵਿੱਚ ਸੰਖਿਪਤ ਨਾਮ ਦਸਮ ਗ੍ਰੰਥ ਪ੍ਰਚਲਿਤ ਹੋਣ ਲੱਗ ਗਿਆ ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਨਿਖੇੜਨ ਲਈ ਉਸ ਨੂੰ ਆਦਿ ਗ੍ਰੰਥ ਦਾ ਨਾਂ ਦਿੱਤਾ ਜਾਣ ਲੱਗਿਆ। ਇਸ ਗ੍ਰੰਥ ਵਿਚਲੀਆਂ ਰਚਨਾਵਾਂ ਦਾ ਵਿਚਾਰਧਾਰਿਕ ਭਿੰਨਤਾ ਕਾਰਨ ਸਿੱਖ ਜਗਤ ਵਿੱਚ ਵਿਵਾਦ ਚੱਲ ਪਿਆ ਕਿ ਇਹਨਾਂ ਨੂੰ ਇਸੇ ਤਰ੍ਹਾਂ ਸੰਕਲਿਤ ਰਹਿਣ ਦਿੱਤਾ ਜਾਏ ਜਾਂ ਵੱਖ-ਵੱਖ ਕਰ ਦਿੱਤਾ ਜਾਏ। ਮਹਾਨ ਕੋਸ਼ਕਾਰ ਅਨੁਸਾਰ ਭਾਈ ਮਹਿਤਾਬ ਸਿੰਘ ਮੀਰਕੋਟੀਏ ਦੇ ਦਖ਼ਲ ਦੇਣ ਨਾਲ ਇਸ ਗ੍ਰੰਥ ਨੂੰ ਇੰਨ-ਬਿੰਨ ਰੂਪ ਵਿੱਚ ਰਹਿਣ ਦਿੱਤਾ ਗਿਆ। ਪਰ ਇਸ ਦੇ ਕਰਤਾ ਬਾਰੇ ਵਿਵਾਦ ਖ਼ਤਮ ਨ ਹੋਇਆ ਅਤੇ ਜੋ ਹੁਣ ਤੱਕ ਚੱਲਦਾ ਆ ਰਿਹਾ ਹੈ। ਵੱਖਰੇ-ਵੱਖਰੇ ਢੰਗ ਨਾਲ ਸੰਗ੍ਰਹਿ ਜਾਂ ਬੀੜਾਂ ਤਿਆਰ ਕਰਨ ਅਤੇ ਬਾਅਦ ਵਿੱਚ ਉਹਨਾਂ ਦੇ ਉਤਾਰੇ ਤਿਆਰ ਕਰਨ ਵੇਲੇ ਕਈ ਵਾਰ ਪਾਠਾਂ ਵਿੱਚ ਫ਼ਰਕ ਵੀ ਪੈਂਦਾ ਰਿਹਾ ਹੈ। ਉਹਨਾਂ ਫ਼ਰਕਾਂ ਨੂੰ ਦੂਰ ਕਰਨ ਲਈ ਅੰਮ੍ਰਿਤਸਰ ਵਿੱਚ ‘ਗੁਰਮਤ ਗ੍ਰੰਥ ਪ੍ਰਚਾਰਕ ਸਭਾ` ਵੱਲੋਂ 32 ਬੀੜਾਂ ਇਕੱਠੀਆਂ ਕਰ ਕੇ ਪਾਠਾਂ ਦਾ ਮੁਕਾਬਲਾ ਕੀਤਾ ਗਿਆ ਅਤੇ 1897 ਵਿੱਚ ਸੋਧਕ ਕਮੇਟੀ ਦੀ ਰਿਪੋਰਟ ਤਿਆਰ ਹੋਈ। ਇਸ ਰਿਪੋਰਟ ਦੇ ਪ੍ਰਕਾਸ਼ ਵਿੱਚ ਹੀ ਦਸਮ ਗ੍ਰੰਥ ਦੀਆਂ ਬੀੜਾਂ ਛਾਪੀਆਂ ਜਾਣ ਲੱਗੀਆਂ। ਹੁਣ ਛਪੇ ਹੋਏ ਦਸਮ ਗ੍ਰੰਥ ਵਿੱਚ ਬਾਣੀਆਂ ਹੇਠ ਲਿਖੇ ਕ੍ਰਮ ਅਨੁਸਾਰ ਹਨ :

     1.   ਜਾਪੁ: ਦਸਮ-ਗ੍ਰੰਥ ਦੀਆਂ ਹਰ ਪ੍ਰਕਾਰ ਦੀਆਂ ਬੀੜਾਂ ਵਿੱਚ ਇਹ ਰਚਨਾ ਪਹਿਲੇ ਸਥਾਨ ਉੱਤੇ ਦਰਜ ਕੀਤੀ ਗਈ ਹੈ। ਇਸ ਰਚਨਾ ਦਾ ਮਨੋਰਥ ਜਪ ਕਰਨ ਨਾਲ ਹੈ। ਇਸ ਦਾ ਪਾਠ ਆਮ ਤੌਰ `ਤੇ ਸਵੇਰੇ ਕੀਤਾ ਜਾਂਦਾ ਹੈ। ਅੰਮ੍ਰਿਤ ਛਕਾਉਣ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਵਿੱਚ ਵੀ ਇਹ ਸ਼ਾਮਲ ਹੈ। ਕੁੱਲ 199 ਬੰਦਾਂ ਦੀ ਇਸ ਰਚਨਾ ਵਿੱਚ ਨਿੱਕੇ-ਵੱਡੇ ਕਈ ਪ੍ਰਕਾਰ ਦੇ ਛੰਦ ਵਰਤੇ ਗਏ ਹਨ। ਇਸ ਵਿੱਚ ਪਰਮਾਤਮਾ ਦੇ ਕਰਮ ਪ੍ਰਧਾਨ ਗੁਣ-ਵਾਚਕ ਨਾਂਵਾਂ ਦੀ ਸੰਗਲੀ ਜਿਹੀ ਚੱਲਦੀ ਹੈ। ਉਸ ਪਰਮਾਤਮਾ ਦਾ ਸਰੂਪ ਚਿਤਰਦਿਆਂ ਕਿਹਾ ਗਿਆ ਹੈ ਕਿ ਉਸ ਦਾ ਕੋਈ ਚਿੰਨ੍ਹ, ਵਰਨ, ਜਾਤਿ ਅਤੇ ਗੋਤ ਨਹੀਂ ਹੈ ਅਤੇ ਨ ਹੀ ਉਸ ਦੇ ਰੂਪ, ਰੰਗ, ਰੇਖ, ਭੇਖ ਬਾਰੇ ਕੁਝ ਕਿਹਾ ਜਾ ਸਕਦਾ ਹੈ।

     2.  ਅਕਾਲ ਉਸਤਤਿ: ਇਸ ਵਿੱਚ ਅਨੇਕਾਂ ਢੰਗਾਂ ਨਾਲ ਪਰਮਾਤਮਾ ਦੀ ਉਸਤਤ ਕੀਤੀ ਗਈ ਹੈ। ਕੁੱਲ 271 ਛੰਦਾਂ ਦੀ ਇਸ ਰਚਨਾ ਦੇ ਅਰੰਭ ਵਿੱਚ ਦਸਮ ਗੁਰੂ ਦੇ ਆਪਣੇ ਹੱਥ ਨਾਲ ਲਿਖੇ ਸ਼ਬਦ ਮਿਲਦੇ ਹਨ :

ਅਕਾਲ ਪੁਰਖ ਕੀ ਰਛਾ ਹਮਨੈ।

ਸਰਬ ਲੋਹ ਕੀ ਰਛਿਆ ਹਮ ਨੈ।

ਸਰਬ ਕਾਲ ਜੀ ਦੀ ਰਛਿਆ ਹਮਨੈ।

          ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ।

     ਇਸ ਵਿੱਚ ਦਸ ਸਵੈਯੇ (21 ਤੋਂ 20 ਤੱਕ) ਸ੍ਰਾਵਗ ਸੁਧ ਸਮੂਹ ਸਿਧਾਨ ਕੇ... ਅੰਮ੍ਰਿਤ-ਬਾਣੀਆਂ ਵਿੱਚ ਸ਼ਾਮਲ ਹਨ।

     3.  ਬਚਿਤ੍ਰ ਨਾਟਕ: ਇਸ ਨਾਂ ਵਾਲੀ ਰਚਨਾ ਵਿੱਚ ਕਈ ਬਾਣੀਆਂ ਸ਼ਾਮਲ ਹਨ, ਜਿਵੇਂ-ਅਪਨੀ-ਕਥਾ, ਚੰਡੀ ਚਰਿਤ੍ਰ-1, ਚੰਡੀ ਚਰਿਤ੍ਰ-2, ਚੌਬੀਸ ਅਵਤਾਰ, ਉਪ-ਅਵਤਾਰ। ਪਰ ਆਮ ਤੌਰ ਤੇ ਬਚਿਤ੍ਰ ਨਾਟਕ ਅਪਨੀ-ਕਥਾ ਵਾਲੇ ਹਿੱਸੇ ਨੂੰ ਕਿਹਾ ਜਾਂਦਾ ਹੈ, ਜਿਸ ਦੇ ਕੁੱਲ 14 ਅਧਿਆਇ ਹਨ। ਇਸ ਵਿੱਚ ਗੁਰੂ ਜੀ ਦੇ ਜੀਵਨ ਦੇ ਪਹਿਲੇ 32 ਵਰ੍ਹਿਆਂ ਦਾ ਵਰਣਨ ਹੈ। ਆਪਣੇ ਜਨਮ ਧਾਰਨ ਕਰਨ ਦੇ ਮੰਤਵ ਨੂੰ ਸਪਸ਼ਟ ਕਰਦਿਆਂ ਕਿਹਾ ਗਿਆ ਹੈ :

ਮੈ ਅਪਨਾ ਸੁਤ ਤੋਹਿ ਨਿਵਾਜਾ।

ਪੰਥੁ ਪ੍ਰਚੁਰ ਕਰਬੇ ਕਹ ਸਾਜਾ।

ਜਾਹਿ ਤਹਾ ਤੈ ਧਰਮ ਚਲਾਏ।

          ਕਬੁਧਿ ਕਰਨ ਤੇ ਲੋਕ ਹਟਾਏ।

     ਇਸ ਵਿੱਚ ਗੁਰੂ ਜੀ ਦੀਆਂ ਲੜਾਈਆਂ ਦਾ ਸੁੰਦਰ ਵਰਣਨ ਹੈ।

     4.  ਚੰਡੀ ਚਰਿਤ੍ਰ-1: ਇਸ ਵਿੱਚ ‘ਦੁਰਗਾ ਸਪਤਸ਼ਤੀ` ਦੇ ਕਥਾ-ਪ੍ਰਸੰਗ ਦੇ ਆਧਾਰ `ਤੇ ਦੇਵਤਿਆਂ ਦੀ ਸਹਾਇਤਾ ਲਈ ਦੇਵੀ ਦੁਆਰਾ ਦੈਂਤਾਂ ਨਾਲ ਕੀਤੇ ਯੁੱਧਾਂ ਦਾ 233 ਛੰਦਾਂ ਵਿੱਚ ਬੜਾ ਸੁੰਦਰ ਚਿਤਰਨ ਕੀਤਾ ਗਿਆ ਹੈ। ਅਖੀਰ ਉੱਤੇ ਕਵੀ ਨੇ ਵਰ-ਯਾਚਨਾ ਕੀਤੀ ਹੈ :

ਜਬ ਆਵ ਕੀ ਅਉਧ ਨਿਦਾਨ ਬਨੈ

          ਅਤਿ ਹੀ ਰਨ ਮੈਂ ਤਬ ਜੂਝ ਮਰੋ।

     5.  ਚੰਡੀ ਚਰਿਤ੍ਰ-2: ਕੁੱਲ 262 ਛੰਦਾਂ ਦੀ ਇਸ ਰਚਨਾ ਵਿੱਚ ‘ਦੁਰਗਾ ਸਪਤਸ਼ਤੀ` ਦੇ ਕਥਾ-ਪ੍ਰਸੰਗ ਨੂੰ ਹੀ ਲਿਆ ਗਿਆ ਹੈ। ਪਹਿਲੇ ਚਰਿਤ੍ਰ ਨਾਲੋਂ ਇਸ ਵਿੱਚ ਫਰਕ ਲੜਾਈ ਦੀ ਵਿਧੀ ਦਾ ਹੈ। ਪਹਿਲੇ ਵਿੱਚ ਲੰਬੇ ਛੰਦਾਂ ਦੁਆਰਾ ਉਪਮਾਵਾਂ ਨਾਲ ਸਜਾ ਕੇ ਯੁੱਧ ਦੀ ਗੱਲ ਕੀਤੀ ਗਈ ਹੈ ਪਰ ਇਸ ਵਿੱਚ ਯੁੱਧ ਦਾ ਸਿੱਧਾ-ਸਪਾਟ ਵਰਣਨ ਹੈ।

     6.  ਚੰਡੀ ਦੀ ਵਾਰ: ਕੁੱਲ 55 ਪਉੜੀਆਂ ਵਿੱਚ ਲਿਖੀ ਇਹ ਵਾਰ ਬ੍ਰਜ ਭਾਸ਼ਾ ਅਤੇ ਅਵਧੀ ਭਾਸ਼ਾ ਵਿੱਚ ਲਿਖੇ ਗਏ ਪਹਿਲੇ ਚਰਿਤ੍ਰਾਂ ਤੋਂ ਹਟ ਕੇ, ਪੰਜਾਬੀ ਵਿੱਚ ਲਿਖੀ ਹੋਈ ਹੈ। ਇਸ ਨੂੰ ਪੰਜਾਬੀ ਦੀ ਸਰਬੋਤਮ ਵਾਰ ਮੰਨਿਆ ਗਿਆ ਹੈ। ਇਸ ਦੀ ਪਹਿਲੀ ਪਉੜੀ (ਪ੍ਰਿਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ।) ਤੋਂ ‘ਅਰਦਾਸ` ਸ਼ੁਰੂ ਕੀਤੀ ਜਾਂਦੀ ਹੈ। ਇਸ ਵਿੱਚ ਬੜੇ ਸਜੀਵ ਢੰਗ ਵਿੱਚ ਯੁੱਧ ਨੂੰ ਚਿਤਰਿਆ ਗਿਆ ਹੈ। ਅੰਤ ਉੱਤੇ ਇਸ ਦਾ ਮਹਾਤਮ ਵੀ ਲਿਖਿਆ ਹੈ।

     7.  ਗਿਆਨ ਪ੍ਰਬੋਧ: ਕੁੱਲ 336 ਛੰਦਾਂ ਦੀ ਇਸ ਰਚਨਾ ਦੇ ਦੋ ਭਾਗ ਹਨ। ਪਹਿਲਾ ਭਾਗ 125ਵੇਂ ਛੰਦ ਉੱਤੇ ਖ਼ਤਮ ਹੁੰਦਾ ਹੈ। ਇਸ ਵਿੱਚ ਪਰਮਾਤਮਾ ਦੇ ਸਰੂਪ ਦਾ ਚਿਤਰਨ ਕੀਤਾ ਗਿਆ ਹੈ। ਦੂਜਾ ਹਿੱਸਾ ਅਪੂਰਨ ਹੈ। ਇਸ ਦੇ ਸ਼ੁਰੂ ਵਿੱਚ ਆਤਮਾ ਵੱਲੋਂ ਪਰਮਾਤਮਾ ਉੱਤੇ ਉਸ ਦੇ ਸਰੂਪ ਸੰਬੰਧੀ ਪ੍ਰਸ਼ਨ ਪੁੱਛੇ ਗਏ ਹਨ। ਫਿਰ ਆਤਮਾ ਨੇ ਚਾਰ ਧਰਮਾਂ-ਰਾਜ ਧਰਮ, ਦਾਨ ਧਰਮ, ਭੋਗ ਧਰਮ ਅਤੇ ਮੋਖ ਧਰਮ-ਬਾਰੇ ਪੁੱਛਿਆ ਹੈ। ਪਰ ਇਸ ਵਿੱਚ ਰਾਜ ਧਰਮ ਦੀ ਹੀ ਗੱਲ ਸ਼ੁਰੂ ਹੋਈ ਹੈ ਜੋ ਮੁਨੀ ਰਾਜੇ ਦੇ ਪ੍ਰਸੰਗ ਉੱਤੇ ਖ਼ਤਮ ਹੋ ਗਈ ਹੈ। ਅਗਲਾ ਪਾਠ ਨਹੀਂ ਦਿੱਤਾ ਹੋਇਆ। ਸ਼ਾਇਦ ਗੁੰਮ ਹੋ ਗਿਆ ਹੋਵੇ ਜਾਂ ਲਿਖਿਆ ਹੀ ਨਾ ਗਿਆ ਹੋਵੇ।

     8.  ਚੌਬੀਸ ਅਵਤਾਰ: ਇਸ ਵੱਡੇ ਆਕਾਰ ਦੀ ਰਚਨਾ ਵਿੱਚ ਵਿਸ਼ਣੂ ਦੇ 24 ਅਵਤਾਰਾਂ ਦੇ ਪ੍ਰਸੰਗ ਚਿੱਤਰੇ ਗਏ ਹਨ। ਸ੍ਰੀ ਕ੍ਰਿਸ਼ਨ, ਰਾਮ ਚੰਦਰ ਅਤੇ ਨਿਹਕਲੰਕੀ ਅਵਤਾਰ ਦੇ ਕਥਾ-ਪ੍ਰਸੰਗ ਬਹੁਤ ਲੰਬੇ ਹਨ। ਇਸ ਰਚਨਾ ਵਿੱਚ ਅਵਤਾਰਾਂ ਦੇ ਜੀਵਨ ਅਤੇ ਕਰਮਾਂ-ਆਚਾਰਾਂ ਉੱਤੇ ਪ੍ਰਕਾਸ਼ ਪਾਇਆ ਗਿਆ ਹੈ। ਯੁੱਧ-ਵਰਣਨ ਬਹੁਤ ਸੁੰਦਰ ਹੋਇਆ ਹੈ। ਇਹਨਾਂ ਕਥਾਵਾਂ ਦਾ ਰਚਨਾ-ਉਦੇਸ਼ ਧਰਮ-ਯੁੱਧ ਲਈ ਸਿੱਖਾਂ ਨੂੰ ਉਤਸ਼ਾਹਿਤ ਕਰਨਾ ਹੈ, ਜਿਵੇ :

ਦਸਮ ਕਥਾ ਭਗੌਤ ਕੀ ਭਾਖਾ ਕਰੀ ਬਨਾਇ।

          ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁਧ ਕੇ ਚਾਇ।2493।

     9.  ਉਪ-ਅਵਤਾਰ: ਇਸ ਦੇ ਦੋ ਹਿੱਸੇ ਹਨ। ਪਹਿਲੇ ਵਿੱਚ ਬ੍ਰਹਮਾ ਦੇ ਅਵਤਾਰਾਂ ਦਾ ਵਿਵਰਨ ਹੈ ਅਤੇ ਦੂਜੇ ਵਿੱਚ ਰੁਦ੍ਰ ਦੇ ਅਵਤਾਰਾਂ ਦਾ ਚਿਤਰਨ ਹੋਇਆ ਹੈ। ਬ੍ਰਹਮਾ ਵੱਲੋਂ ਅਵਤਾਰ ਧਾਰਨ ਕਰਨ ਦਾ ਮੂਲ ਕਾਰਨ ਉਸ ਦੇ ਹੰਕਾਰ ਨੂੰ ਖ਼ਤਮ ਕਰਨਾ ਹੈ। ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਬ੍ਰਹਮਾ ਨੇ ਸੱਤ ਅਵਤਾਰ ਧਾਰਨ ਕੀਤੇ-ਬਾਲਮੀਕ, ਕਸਪ, ਸੁਕ੍ਰ, ਬਾਚੇਸ, ਬਿਆਸ, ਸ਼ਾਸਤ੍ਰ ਉਧਾਰਕ ਅਤੇ ਕਾਲੀਦਾਸ। ਇਹ ਸਾਰੇ ਆਚਾਰਯ, ਵਿਦਵਾਨ ਜਾਂ ਰਿਸ਼ੀ ਆਦਿ ਹਨ।ਦੂਜੇ ਹਿੱਸੇ ਵਿੱਚ ਰੁਦ੍ਰ ਦੇ ਅਵਤਾਰਾਂ ਦਾ ਵਰਣਨ ਹੈ। ਇਹਨਾਂ ਦੇ ਅਵਤਾਰ ਧਾਰਨ ਕਰਨ ਦਾ ਮੂਲ ਕਾਰਨ ਉਸ ਦੇ ਹੰਕਾਰ ਨੂੰ ਖ਼ਤਮ ਕਰਨਾ ਹੀ ਹੈ। ਰੁਦ੍ਰ ਦੇ ਕੁੱਲ ਦੋ ਅਵਤਾਰ ਹਨ-ਦਤਾਤ੍ਰੇਯ ਅਤੇ ਪਾਰਸ ਨਾਥ। ਦਤਾਤ੍ਰੇਯ ਵਿੱਚ ਚੌਬੀਸ ਗੁਰੂ ਧਾਰਨ ਕਰਨ ਦਾ ਵਿਵਰਨ ਹੈ ਅਤੇ ਪਾਰਸ ਨਾਥ ਵਿੱਚ ਮਾਨਸਿਕ ਬਿਰਤੀਆਂ ਦਾ ਸੰਘਰਸ਼ ਵਿਖਾਇਆ ਗਿਆ ਹੈ। ਇਹ ਪ੍ਰਸੰਗ ਅਪੂਰਨ ਹੈ।

     10. ਸ਼ਬਦ ਹਜ਼ਾਰੇ: ਇਸ ਸਿਰਲੇਖ ਅਧੀਨ ਦਸ ਸ਼ਬਦ ਹਨ ਜੋ ਬਿਸਨਪਦਿਆਂ ਦੀ ਸ਼ੈਲੀ ਵਿੱਚ ਰਾਗਾਂ ਅਧੀਨ ਲਿਖੇ ਗਏ ਹਨ। ਇਹਨਾਂ ਵਿੱਚ ਯੋਗ ਦੇ ਬਾਹਰਲੇ ਅਡੰਬਰਾਂ, ਪਖੰਡਾਂ, ਅਵਤਾਰਵਾਦ ਅਤੇ ਮੂਰਤੀ ਪੂਜਾ ਦੀਆਂ ਮਾਨਤਾਵਾਂ ਅਤੇ ਵਾਸਨਾਵਾਂ ਦਾ ਖੰਡਨ ਹੋਇਆ ਹੈ ਅਤੇ ਸ਼ੁਭ ਕਰਮਾਂ ਉੱਤੇ ਬਲ ਦਿੱਤਾ ਗਿਆ ਹੈ। ਇਸ ਵਿੱਚ ‘ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ...` ਵਾਲਾ ‘ਖਿਆਲ ਪਾ.10` ਵੀ ਸ਼ਾਮਲ ਹੈ।

     11. ਸਵੈਯੇ: ਇਹ ਕੁੱਲ 33 ਸਵੈਯੇ ‘ਅਕਾਲ ਉਸਤਤਿ` ਦੀ ਭਾਵਨਾ ਨਾਲ ਮੇਲ ਖਾਂਦੇ ਹਨ। ਇਹਨਾਂ ਵਿੱਚ ਨਿਰਾਕਾਰ ਪਰਮਾਤਮਾ ਦੀ ਸਿਫ਼ਤ ਤੋਂ ਇਲਾਵਾ ਯੋਗੀਆਂ, ਸੰਨਿਆਸੀਆਂ ਦੇ ਆਚਾਰਾਂ ਦਾ ਖੰਡਨ ਹੋਇਆ ਹੈ ਅਤੇ ਮੂਰਤੀ-ਪੂਜਾ ਦਾ ਵੀ ਵਿਰੋਧ ਹੋਇਆ ਹੈ। ਇਹਨਾਂ ਵਿੱਚ ਮਸੰਦਾਂ ਦੇ ਕੁਕਰਮਾਂ ਉੱਤੇ ਵੀ ਝਾਤ ਪਾਈ ਗਈ ਹੈ। ਪਹਿਲੇ ਸਵੈਯੇ-ਜਾਗਤ ਜੋਤਿ ਜਪੈ ਨਿਸਬਾਸੁਰ... ਵਿੱਚ ਖ਼ਾਲਸੇ ਦੇ ਸਰੂਪ ਉੱਤੇ ਪ੍ਰਕਾਸ਼ ਪਾਇਆ ਗਿਆ ਹੈ।

     12. ਖਾਲਸਾ ਮਹਿਮਾ: ਇਸ ਸਿਰਲੇਖ ਅਧੀਨ ਚਾਰ ਬੰਦਾਂ ਵਿੱਚ ਖ਼ਾਲਸੇ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ।

     13. ਸਸਤ੍ਰਨਾਮ ਮਾਲਾ: ਕੁੱਲ 1318 ਛੰਦਾਂ ਦੀ ਇਸ ਰਚਨਾ ਦੇ ਕੁੱਲ ਪੰਜ ਅਧਿਆਇ ਹਨ। ਇਸ ਵਿੱਚ ਸ਼ਸਤ੍ਰਾਂ ਅਸਤ੍ਰਾਂ ਦੇ ਪਿਛੋਕੜ ਉੱਤੇ ਝਾਤ ਪਾ ਕੇ ਉਹਨਾਂ ਦੇ ਨਾਂ ਬੁਝਾਰਤਾਂ ਵਾਲੀ ਸ਼ੈਲੀ ਵਿੱਚ ਲਿਖੇ ਗਏ ਹਨ। ਇਸ ਪ੍ਰਕਾਰ ਦੇ ਨਾਂਵਾਂ ਦੁਆਰਾ ਇੱਕ ਤਾਂ ਸ਼ਸਤ੍ਰਾਂ ਅਸਤ੍ਰਾਂ ਨੂੰ ਵਰਤਣ ਵਾਲੇ ਪ੍ਰਮੁਖ ਯੋਧਿਆਂ ਦੀ ਵਾਕਫ਼ੀ ਮਿਲਦੀ ਹੈ ਅਤੇ ਦੂਜੇ ਵੈਰੀਆਂ ਤੋਂ ਆਪਣੇ ਪਾਸ ਮੌਜੂਦ ਹਥਿਆਰਾਂ ਦੀ ਸਹੀ ਜਾਣਕਾਰੀ ਦਿੱਤੇ ਜਾਣ ਤੋਂ ਬਚਿਆ ਜਾ ਸਕਦਾ ਹੈ।

     14. ਚਰਿਤ੍ਰੋਪਾਖਿਆਨ: ਇਸ ਵੱਡੇ ਆਕਾਰ ਦੀ ਰਚਨਾ ਵਿੱਚ ਕੁੱਲ 405 ਚਰਿੱਤਰ-ਕਥਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਸੰਕਟ ਦੀ ਸਥਿਤੀ ਵਿੱਚ ਘਿਰੀ ਹੋਈ ਇਸਤਰੀ ਕਿਸ ਢੰਗ ਨਾਲ ਆਪਣੇ-ਆਪ ਨੂੰ ਖ਼ਲਾਸ ਕਰਦੀ ਹੈ, ਇਸ ਗੱਲ ਦਾ ਵੱਖਰੇ-ਵੱਖਰੇ ਪ੍ਰਸੰਗਾਂ ਦੁਆਰ ਚਿਤਰਨ ਕੀਤਾ ਗਿਆ ਹੈ। ਅਜਿਹੇ ਚਿਤਰਨ ਵੇਲੇ ਉਸ ਵਕਤ ਦੀਆਂ ਸਮਾਜਿਕ ਅਤੇ ਧਾਰਮਿਕ ਸਥਿਤੀਆਂ ਦਾ ਵੀ ਬੋਧ ਹੁੰਦਾ ਹੈ। ਇਸ ਦੇ ਅਖੀਰਲੇ ਚਰਿੱਤਰ ਦੇ ਅੰਤ ਉੱਤੇ ‘ਕਬਿਓਵਾਚ ਚੌਪਈ` ਵੀ ਲਿਖੀ ਹੋਈ ਹੈ ਜੋ ਅੰਮ੍ਰਿਤ ਦੀਆਂ ਪੰਜ ਬਾਣੀਆਂ ਵਿੱਚ ਸ਼ਾਮਲ ਕੀਤੀ ਜਾਂਦੀ ਹੈ।

     15. ਜ਼ਫ਼ਰਨਾਮਾ: ਫ਼ਾਰਸੀ ਭਾਸ਼ਾ ਵਿੱਚ ਲਿਖਿਆ ਇਹ ਉਹ ਇਤਿਹਾਸਿਕ ਪੱਤਰ ਹੈ ਜੋ ਗੁਰੂ ਗੋਬਿੰਦ ਸਿੰਘ ਨੇ ਦੀਨਾ-ਕਾਂਗੜ ਪਿੰਡ ਤੋਂ ਔਰੰਗ਼ਜ਼ੇਬ ਨੂੰ ਲਿਖਿਆ ਸੀ ਅਤੇ ਜਿਸ ਵਿੱਚ ਬਾਦਸ਼ਾਹ ਅਤੇ ਉਸ ਦੇ ਅਧਿਕਾਰੀਆਂ ਵੱਲੋਂ ਗੁਰੂ ਸਾਹਿਬ ਦੇ ਪਰਿਵਾਰ ਅਤੇ ਸਿੱਖਾਂ ਉੱਤੇ ਢਾਹੇ ਗਏ ਜ਼ੁਲਮ ਦਾ ਵਿਵਰਨ ਹੈ।

     16. ਹਿਕਾਇਤਾਂ: ‘ਚਰਿਤ੍ਰੋਪਾਖਿਆਨ` ਨਾਂ ਦੀ ਰਚਨਾ ਦੀ ਲੀਹ ਉੱਤੇ ਲਿਖੀਆਂ ਇਹ ਕੁੱਲ 11 ਹਿਕਾਇਤਾਂ ਹਨ। ਇਹਨਾਂ ਨੂੰ ਫ਼ਾਰਸੀ ਭਾਸ਼ਾ ਵਿੱਚ ਲਿਖਿਆ ਗਿਆ ਹੈ।

     ਉਪਰੋਕਤ ਵਿੱਚੋਂ 1, 2, 7, 10, 11, 12 ਗਿਣਤੀ ਵਾਲੀਆਂ ਰਚਨਾਵਾਂ ਦਾ ਸੰਬੰਧ ਭਗਤੀ ਭਾਵਨਾ ਨਾਲ ਹੈ। ਰਚਨਾ-ਅੰਕ 3, 4, 5, 8 ਅਤੇ 9 ਅਸਲ ਵਿੱਚ ਬਚਿਤ੍ਰ ਨਾਟਕ ਦਾ ਹੀ ਅੰਗ ਹਨ। ਇਹ ਗੱਲ ਇਹਨਾਂ ਰਚਨਾਵਾਂ ਦੇ ਅੰਤ ਉੱਤੇ ਦਿੱਤੀਆਂ ਉਕਤੀਆਂ ਤੋਂ ਸਪਸ਼ਟ ਹੈ। ਇਸ ਗ੍ਰੰਥ ਵਿੱਚ ਪੰਜਾਬੀ ਦੀ ਕੇਵਲ ਇੱਕੋ-ਇੱਕ ਰਚਨਾ ਹੈ- ‘ਚੰਡੀ ਦੀ ਵਾਰ`। ਇਸ ਗ੍ਰੰਥ ਦੀਆਂ ਬਹੁਤੀਆਂ ਬਾਣੀਆਂ ਦੀ ਰਚਨਾ ਦਾ ਉਦੇਸ਼ ਉਸ ਵਕਤ ਦੇ ਸਿੱਖ ਸਮਾਜ ਨੂੰ ਹਕੂਮਤ ਦੇ ਜ਼ੁਲਮ ਦਾ ਵਿਰੋਧ ਕਰਨ ਲਈ ਸਚੇਤ ਅਤੇ ਤਤਪਰ ਕਰਨਾ ਸੀ।


ਲੇਖਕ : ਰਤਨ ਸਿੰਘ ਜੱਗੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7723, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਦਸਮ ਗ੍ਰੰਥ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਸਮ ਗ੍ਰੰਥ [ਨਿਪੁ] (ਗੁਰ) ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਪ੍ਰਸਿੱਧ ਰਚਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਦਸਮ ਗ੍ਰੰਥ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਦਸਮ ਗ੍ਰੰਥ : ਦਸਮ ਗ੍ਰੰਥ (ਹੋਰ ਨਾਂ ‘ਬਚਿਤ੍ਰ ਨਾਟਕ ਗ੍ਰੰਥ’ ਅਤੇ ‘ਦਸਵੇਂ ਪਾਤਸ਼ਾਹ ਦਾ ਗ੍ਰੰਥ’) ਉਹਨਾਂ ਕਾਵਿਕ ਰਚਨਾਵਾਂ ਦਾ ਸੰਗ੍ਰਹਿ ਹੈ, ਜਿਨ੍ਹਾਂ ਨੂੰ ਆਮ ਤੌਰ ਤੇ ਸਿੱਖ ਧਰਮ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਿਆ ਜਾਂਦਾ ਹੈ। ਬੇਸ਼ਕ ਇੱਕ ਗੁਰੂ ਦੀ ਰਚਨਾ ਹੋਣ ਕਾਰਨ ਸਿੱਖ ਜਗਤ ਵਿੱਚ ਇਸ ਗ੍ਰੰਥ ਦਾ ਸਨਮਾਨ ਕੀਤਾ ਜਾਂਦਾ ਹੈ ਪਰੰਤੂ ਨਾ ਤਾਂ ਇਸ ਦਾ ਰੁਤਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸ੍ਵੀਕਾਰ ਕੀਤਾ ਜਾਂਦਾ ਹੈ ਅਤੇ ਨਾ ਹੀ ਇਸ ਅੰਦਰ ਦਰਜ ਬਾਣੀ ਨੂੰ ਸ਼ਬਦ-ਗੁਰੂ ਦਾ ਰੁਤਬਾ ਹਾਸਲ ਹੈ। ਇਸ ਵਿੱਚੋਂ ਕੁਝ ਬਾਣੀਆਂ ਸਿੱਖਾਂ ਦੇ ਨਿਤਨੇਮ ਦਾ ਅੰਗ ਹਨ। ਸਮੁੱਚੇ ਤੌਰ ’ਤੇ ਇਹ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀਆਂ ਵਿਚਲੇ ਮਿਥਿਹਾਸਿਕ ਅਤੇ ਪੁਰਾਣਿਕ ਹਵਾਲਿਆਂ ਨੂੰ ਸਮਝਣ ਹਿਤ ਚੌਖੀ ਸਹਾਇਤਾ ਪ੍ਰਦਾਨ ਕਰਦੀਆਂ ਹਨ। ਇਸ ਵਿੱਚ ਹੇਠ ਲਿਖੀਆਂ ਬਾਣੀਆਂ ਦਰਜ ਹਨ:

1. ਜਾਪੁ

2. ਅਕਾਲ ਉਸਤਤਿ

3. ਬਚਿਤ੍ਰ ਨਾਟਕ

4. ਚੰਡੀ ਚਰਿਤ੍ਰ ਉਕਤਿ ਬਿਲਾਸ

5. ਚੰਡੀ ਚਰਿਤ੍ਰ

6. ਵਾਰ ਸ੍ਰੀ ਭਗਾਉਤੀ ਜੀ ਕੀ

7. ਗਿਆਨਪ੍ਰਬੋਧ

8. ਚਉਬੀਸ ਅਵਤਾਰ

9. ਬ੍ਰਹਮ ਅਵਤਾਰ

10. ਰੁਦ੍ਰ ਅਵਤਾਰ

11. ਰਾਮਕਲੀ ਸ਼ਬਦ

12. ਸਵੱਯੇ

13. ਸ੍ਰੀ ਸ਼ਸ਼ਤਰਨਾਮ ਮਾਲਾ

14. ਹਿਕਾਇਤਾਂ

15. ਜ਼ਫਰਨਾਮਾ

16. ਪਾਖਿਯਾਨ ਚਰਿਤ੍ਰ

ਪਰੰਪਰਾ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਇਹਨਾਂ ਸਾਰੀਆਂ ਬਾਣੀਆਂ ਨੂੰ ਇਕੱਤਰ ਕਰਕੇ ਇੱਕ ਗ੍ਰੰਥ ਦਾ ਰੂਪ ਭਾਈ ਮਨੀ ਸਿੰਘ (ਸ਼ਹੀਦ: 1737 ਈ.) ਨੇ ਦਿੱਤਾ। ਪਹਿਲਾ ਗ੍ਰੰਥ ਸੰਭਵ ਤੌਰ ਤੇ 1716 ਅਤੇ 1737 ਈ. ਦੇ ਵਿਚਕਾਰ ਤਿਆਰ ਹੋਇਆ। ਭਾਈ ਮਨੀ ਸਿੰਘ ਨੇ ਇਹ ਬਾਣੀਆਂ ਅਲੱਗ-ਅਲੱਗ ਥਾਂਵਾਂ ਉੱਪਰ ਸ਼ਰਧਾਲੂ ਸਿੱਖਾਂ ਪਾਸੋਂ ਹਾਸਲ ਕੀਤੀਆਂ ਪਰੰਤੂ ਭਾਈ ਮਨੀ ਸਿੰਘ ਦੁਆਰਾ ਤਿਆਰ ਕੀਤਾ ਗ੍ਰੰਥ ਹੁਣ ਉਪਲਬਧ ਨਹੀਂ ਹੈ। ਨਤੀਜੇ ਵਜੋਂ ਸਮਾਂ ਬੀਤਣ ਦੇ ਨਾਲ ਇਸ ਦੇ ਸ਼ਬਦ-ਜੋੜਾਂ ਵਿੱਚ ਅੰਤਰ ਆ ਗਏ। ਕਈ ਵਿਦਵਾਨ ਇਸ ਦੇ ਸਹੀ ਲੇਖਕ ਬਾਰੇ ਵੀ ਕਿੰਤੂ ਕਰਦੇ ਹਨ। ਇਸ ਸੰਬੰਧੀ ਭਸੌੜ ਵਿਚਾਰਧਾਰਾ ਦੇ ਭਾਈ ਰਣ ਸਿੰਘ (ਦਸਮ ਗ੍ਰੰਥ ਨਿਰਣਯ) ਨੇ ਕਿਹਾ ਕਿ ਇਹਨਾਂ ਵਿੱਚੋਂ ਕੁਝ ਰਚਨਾਵਾਂ ਗੁਰੂ ਸਾਹਿਬ ਦੀਆਂ ਨਹੀਂ ਹਨ। ਸੀ. ਐੱਚ. ਲੋਹਿਲਨ, ਡਾ. ਮੋਹਨ ਸਿੰਘ ਦੀਵਾਨਾ ਅਤੇ ਖੁਸ਼ਵੰਤ ਸਿੰਘ ਵੀ ਇਸੇ ਵਿਚਾਰ ਨੂੰ ਮੰਨਦੇ ਹਨ। ਡਾ. ਰਤਨ ਸਿੰਘ ਜੱਗੀ ਵੀ ਇਸੇ ਵਿਚਾਰਧਾਰਾ ਦੇ ਸਨ ਪਰੰਤੂ ਉਹਨਾਂ ਆਪਣੇ ਵਿਚਾਰ ਕਈ ਵਾਰ ਬਦਲੇ ਹਨ। ਇਹਨਾਂ ਦੇ ਉਲਟ ਗਿਆਨੀ ਬਿਸ਼ਨ ਸਿੰਘ, ਭਾਈ ਰਣਧੀਰ ਸਿੰਘ, ਪਿਆਰਾ ਸਿੰਘ ਪਦਮ ਆਦਿ ਲੇਖਕ ਸਮੁੱਚੇ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਦੀ ਕ੍ਰਿਤ ਮੰਨਦੇ ਹਨ। ਖਾਲਸਾ ਦੀਵਾਨ, ਅੰਮ੍ਰਿਤਸਰ, ਦੁਆਰਾ ਥਾਪੀ ਗਈ ਸੋਧਕ ਕਮੇਟੀ (1897) ਅਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਭਾਈ ਰਣਧੀਰ ਸਿੰਘ (ਸ਼ਬਦ-ਮੂਰਤਿ) ਨੇ ਵੀ ਇਹੋ ਫ਼ੈਸਲਾ ਦਿੱਤਾ ਸੀ ਕਿ ਦਸਮ ਗ੍ਰੰਥ ਅੰਦਰ ਦਰਜ ਸਮਸਤ ਬਾਣੀਆਂ ਗੁਰੂ ਸਾਹਿਬ ਦੀ ਰਚਨਾ ਹਨ।

ਇਸ ਗ੍ਰੰਥ ਦੀ ਸਭ ਤੋਂ ਪਹਿਲੀ ਰਚਨਾ ਜਾਪੁ ਹੈ। ਇਹ ਸਿੱਖ ਨਿਤਨੇਮ ਦਾ ਅੰਗ ਹੈ। ਅੰਮ੍ਰਿਤ ਤਿਆਰ ਕਰਨ ਸਮੇਂ ਵੀ ਇਸ ਬਾਣੀ ਦਾ ਪਾਠ ਜ਼ਰੂਰੀ ਮੰਨਿਆ ਜਾਂਦਾ ਹੈ। ਇਸ ਦੇ 199 ਬੰਦ ਹਨ, ਜਿਨ੍ਹਾਂ ਵਿੱਚ ਪਰਮਾਤਮਾ ਨੂੰ ਉਸ ਦੇ 950 ਵਿਭਿੰਨ ਨਾਂਵਾਂ ਨਾਲ ਯਾਦ ਕੀਤਾ ਗਿਆ ਹੈ। ਇਹ ਇੱਕ ਸਤੋਤ੍ਰ ਕਾਵਿ-ਰੂਪ ਹੈ, ਜਿਸ ਵਿੱਚ ਪਰਮਾਤਮਾ ਦਾ ਗੁਣ-ਗਾਇਨ ਕੀਤਾ ਗਿਆ ਹੈ। ਇਸੇ ਕਰਕੇ ਸਾਹਿਤ ਵਿੱਚ ਇਸ ਦੀ ਉਪਮਾ ਕਈ ਵਾਰ ‘ਵਿਸ਼ਣੂ ਸਹੰਸਰਨਾਮਾ ਨਾਲ ਵੀ ਕੀਤੀ ਜਾਂਦੀ ਹੈ। ਇਸ ਵਿੱਚ ਦਸ ਵੱਖਰੇ-ਵੱਖਰੇ ਛੰਦ ਵਰਤੇ ਗਏ ਹਨ।

ਅਕਾਲ ਉਸਤਤਿ ਇਸ ਗ੍ਰੰਥ ਦੀ ਦੂਸਰੀ ਰਚਨਾ ਹੈ। ਬੇਸ਼ੱਕ ਗ੍ਰੰਥ ਵਿੱਚ ਇਸ ਰਚਨਾ ਦਾ ਕੋਈ ਸਿਰਲੇਖ ਨਹੀਂ, ਪਰੰਤੂ ਪਰੰਪਰਾ ਅਨੁਸਾਰ ਇਸ ਨੂੰ ਇਸੇ ਸਿਰਲੇਖ ਅਧੀਨ ਲਿਖਿਆ ਮਿਲਦਾ ਹੈ। ਇਸ ਦੇ 272 ਬੰਦ ਹਨ (ਅਖੀਰਲਾ ਬੰਦ ਅਧੂਰਾ ਹੈ) ਅਤੇ ਇਸ ਵਿੱਚ 12 ਵਿਭਿੰਨ ਛੰਦ ਵਰਤੇ ਗਏ ਹਨ। ਇਸ ਵਿੱਚ ਦਰਜ ਸਵੱਯੇ (21-30) ਵੀ ਅੰਮ੍ਰਿਤ ਤਿਆਰ ਕਰਨ ਸਮੇਂ ਪੜ੍ਹੇ ਜਾਂਦੇ ਹਨ। ਇਹ ਰਚਨਾ ਪਰਮਾਤਮਾ ਨੂੰ ਇੱਕ ਮੰਨਦੀ ਹੈ, ਉਸ ਨੂੰ ਸਰਬ ਰਚਨਾ ਦਾ ਰਚਨਹਾਰ ਅਤੇ ਉਸ ਵਿੱਚ ਵਿਆਪਕ ਵੀ ਮੰਨਦੀ ਹੈ। ਇੰਞ ਸਿੱਖ ਅਧਿਆਤਮਿਕ ਵਿਚਾਰਧਾਰਾ ਦੇ ਸਮਾਜਿਕ ਫ਼ਲਸਫ਼ੇ ਦਾ ਆਧਾਰ ਹੋਣ ਵਾਲੇ ਸਿਧਾਂਤ ਦੀ ਪੁਸ਼ਟੀ ਵੀ ਇਸ ਬਾਣੀ ਵਿੱਚੋਂ ਹੁੰਦੀ ਹੈ।

ਬਚਿਤ੍ਰ ਨਾਟਕ ਗੁਰੂ ਸਾਹਿਬ ਦੀ ਅਧੂਰੀ ਸ੍ਵੈ-ਜੀਵਨੀ ਹੈ। ਇਸ ਵਿੱਚ 471 ਬੰਦ ਹਨ, ਜਿਨ੍ਹਾਂ ਨੂੰ 14 ਅਧਿਆਵਾਂ ਵਿੱਚ ਵੰਡਿਆ ਹੋਇਆ ਹੈ। ਇਸ ਵਿੱਚ ਕੁੱਲ 12 ਛੰਦ ਵਰਤੇ ਗਏ ਹਨ। ਇਸ ਦੇ ਪਹਿਲੇ ਹਿੱਸੇ (ਅਧਿਆਇ 1 ਅਤੇ 14) ਵਿੱਚ ਪ੍ਰਭੂ ਦੀ ਸਿਫ਼ਤ ਸਲਾਹ ਹੈ, ਦੂਜੇ ਹਿੱਸੇ (ਅਧਿਆਇ 2-5) ਵਿੱਚ ਗੁਰ-ਬੰਸਾਵਲੀ, ਜਿਸ ਵਿੱਚ ਸੋਢ-ਬੰਸ ਦੇ ਮੁੱਢ ਦਾ ਪੁਰਾਣਿਕ ਵਿਵਰਨ ਹੈ ਅਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦਾ ਵੀ ਹਵਾਲਾ ਹੈ। ਤੀਜੇ ਹਿੱਸੇ (ਅਧਿਆਇ 6-13) ਵਿੱਚ ਗੁਰੂ ਸਾਹਿਬ ਆਪਣੇ ਜੀਵਨ ਦਾ ਮਨੋਰਥ ਦੱਸਣ ਉਪਰੰਤ ਪਹਾੜੀ ਰਾਜਿਆਂ ਨਾਲ ਹੋਈਆਂ ਕੁਝ ਝੜੱਪਾਂ ਦਾ ਵਰਣਨ ਕਰਦੇ ਹਨ।

ਚੰਡੀ ਚਰਿਤ੍ਰ ਉਕਤਿ ਬਿਲਾਸ, ਚੰਡੀ ਚਰਿਤ੍ਰ ਅਤੇ ਵਾਰ ਸ੍ਰੀ ਭਗਾਉਤੀ ਜੀ ਕੀ ਤਿੰਨੋਂ ਰਚਨਾਵਾਂ ਚੰਡੀ (ਭਗਉਤੀ, ਕਾਲੀ, ਕਾਲਿਕਾ ਆਦਿ) ਦੇਵੀ ਦੇ ਦੈਂਤਾਂ ਵਿਰੁੱਧ ਲੜਾਈ ਨਾਲ ਸੰਬੰਧਿਤ ਹਨ। ਇਹ ਰਚਨਾਵਾਂ ਇੱਕ ਪੁਰਾਣਿਕ ਕਥਾ ਉੱਪਰ ਆਧਾਰਿਤ ਹਨ। ਇਸ ਕਥਾ ਅਨੁਸਾਰ ਦੈਂਤ ਇੱਕ ਭਿਅੰਕਰ ਯੁੱਧ ਵਿੱਚ ਦੇਵਤਿਆਂ ਨੂੰ ਹਰਾ ਦਿੰਦੇ ਹਨ ਅਤੇ ਉਹਨਾਂ ਦੇ ਸ੍ਵਰਗ ਉੱਪਰ ਕਬਜ਼ਾ ਕਰ ਲੈਂਦੇ ਹਨ। ਬੇਵੱਸ ਅਤੇ ਪ੍ਰਾਜਿਤ ਦੇਵਤੇ ਚੰਡੀ ਦੀ ਸ਼ਰਨ ਜਾਂਦੇ ਹਨ ਅਤੇ ਉਸ ਤੋਂ ਸਹਾਇਤਾ ਲਈ ਬੇਨਤੀ ਕਰਦੇ ਹਨ। ਚੰਡੀ ਉਹਨਾਂ ਦੀ ਖ਼ਾਤਰ ਦੈਂਤਾਂ ਵਿਰੁੱਧ ਜੰਗ ਕਰਦੀ ਹੈ ਅਤੇ ਅੰਤ ਨੂੰ ਜਿੱਤ ਪ੍ਰਾਪਤ ਕਰਦੀ ਹੈ। ਇਹਨਾਂ ਰਚਨਾਵਾਂ ਦਾ ਆਧਾਰ ਪੁਰਾਣਿਕ ਕਥਾ ਹੈ ਪਰੰਤੂ ਗੁਰੂ ਜੀ ਨੇ ਉਸ ਕਥਾ ਨੂੰ ਇੱਕ ਨਵੇਂ ਰੂਪ ਵਿੱਚ ਵਰਣਨ ਕੀਤਾ ਹੈ ਅਤੇ ਉਸ ਨੂੰ ਨਵੇਂ ਅਰਥ ਦੇਣ ਦੇ ਯਤਨ ਕੀਤੇ ਹਨ। ਇਹਨਾਂ ਰਚਨਾਵਾਂ ਦਾ ਇੱਕ ਵਿਸ਼ੇਸ਼ ਸੰਦੇਸ਼ ਇਹ ਸੀ ਕਿ ਹਰ ਮਾਨਵ ਅੰਦਰ ਚੰਡੀ ਜਿੰਨੀ ਸਮਰੱਥਾ ਹੈ ਅਤੇ ਉਹ ਇਸ ਸੰਸਾਰ ਅੰਦਰ ਵਿਚਰਦਿਆਂ ਆਪਣੇ ਜੀਵਨ-ਕਾਲ ਦੌਰਾਨ ਹੀ ਚੰਡੀ ਵਰਗਾ ਮਾਅਰਕਾ ਮਾਰ ਸਕਦਾ ਹੈ ਅਤੇ ਬੁਰਾਈ ਨੂੰ ਖ਼ਤਮ ਕਰ ਸਕਦਾ ਹੈ। ਇਹਨਾਂ ਰਚਨਾਵਾਂ ਵਿੱਚ ਚੰਡੀ ਇੱਕ ਪੁਰਾਣਿਕ ਦੇਵੀ ਨਾ ਰਹਿ ਕੇ ਦੈਵੀ ਸ਼ਕਤੀ ਦਾ ਚਿੰਨ੍ਹ ਬਣ ਜਾਂਦੀ ਹੈ।

ਹਿੰਦੂ ਪਰੰਪਰਾ ਵਿੱਚ ਵਿਸ਼ਨੂੰ, ਬ੍ਰਹਮਾ ਅਤੇ ਸ਼ਿਵ ਜੀ ਤਿੰਨ ਪ੍ਰਮੁੱਖ ਦੇਵਤੇ ਮੰਨੇ ਗਏ ਹਨ। ਇਹਨਾਂ ਦੇਵਤਿਆਂ ਦੇ ਅਵਤਾਰਾਂ ਬਾਰੇ ਪੁਰਾਣਿਕ ਸ਼ੈਲੀ ਵਿੱਚ ਖੇਤਰੀ ਭਾਸ਼ਾ ਵਿੱਚ ਲਿਖਣ ਦਾ ਰੁਝਾਨ ਪੁਰਾਣਾ ਹੈ। ਦਸਮ ਗ੍ਰੰਥ ਵਿੱਚ ਚਉਬੀਸ ਅਵਤਾਰ ਵਿਸ਼ਨੂੰ ਦੇ 24 ਅਵਤਾਰਾਂ ਬਾਰੇ (ਜਿਨ੍ਹਾਂ ਵਿੱਚ ਰਾਮ (864 ਬੰਦ) ਅਤੇ ਕ੍ਰਿਸ਼ਨ (2492 ਬੰਦ) ਦਾ ਵਰਣਨ ਬਹੁਤ ਵਿਸਥਾਰ ਵਿੱਚ ਹੈ), ਬ੍ਰਹਮ ਅਵਤਾਰ ਬ੍ਰਹਮਾ ਦੇ ਅਵਤਾਰਾਂ ਬਾਰੇ ਅਤੇ ਰੁਦ੍ਰ ਅਵਤਾਰ ਸ਼ਿਵ ਜੀ ਦੇ ਅਵਤਾਰਾਂ ਬਾਰੇ ਹੈ। ਇਹਨਾਂ ਰਚਨਾਵਾਂ ਦੇ ਅਰੰਭ ਵਿੱਚ ਗੁਰੂ ਜੀ ਨੇ ਆਪਣੀ ਸਥਿਤੀ ਸਪਸ਼ਟ ਕਰਦੇ ਹੋਏ ਕਿਹਾ ਹੈ ਕਿ ਪਰਮਾਤਮਾ ਇੱਕ ਹੈ ਅਤੇ ਬਾਕੀ ਸਾਰੀ ਰਚਨਾ, ਸਾਰੇ ਜੀਵ ਉਸ ਦੀ ਕਿਰਤ ਹਨ। ਵਿਸ਼ਨੂੰ ਦਾ ਅਵਤਾਰ ਕਹੇ ਜਾਣ ਵਾਲੇ 24 ਅਵਤਾਰ ਅਤੇ ਹੋਰ ਅਜਿਹੇ ਅਵਤਾਰ ਵੀ ਉਸ ਇੱਕ ਪਰਮ ਸੱਤਾ ਦੀ ਕਿਰਤ ਹਨ।

ਗਿਆਨ ਪ੍ਰਬੋਧ ਪੁਰਾਣਿਕ ਸੰਦਰਭ ਵਿੱਚ ਦਾਨ ਦੇ ਮਹੱਤਵ ਦੀ ਗੱਲ ਕਰਦਾ ਹੈ ਅਤੇ ਸ਼ਸਤਰਨਾਮ ਮਾਲਾ ਵਿੱਚ ਵਿਭਿੰਨ ਸ਼ਸਤਰਾਂ ਦਾ ਵਰਣਨ ਹੈ। ‘ਜ਼ਫਰਨਾਮਾ’ ਗੁਰੂ ਜੀ ਵੱਲੋਂ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਇੱਕ ਖ਼ਤ ਹੈ, ਜਿਸ ਵਿੱਚ ਬਾਦਸ਼ਾਹ ਦੇ ਦਰਬਾਰੀਆਂ ਵੱਲੋਂ ਬਚਨ ਤੋੜਨ ਦੀ ਕਰੜੀ ਨਿੰਦਾ ਹੈ ਅਤੇ ਜਿਸ ਵਿੱਚ ਧਰਮ ਦੀ ਖ਼ਾਤਰ ਹਥਿਆਰ ਚੁੱਕਣ ਨੂੰ ਜਾਇਜ਼ ਦੱਸਿਆ ਗਿਆ ਹੈ। ਚਰਿਤਰੋਪਾਖਯਾਨ ਜਾਂ ਪਾਖਿਆਨ ਚਰਿਤ੍ਰ ਉਹਨਾਂ 404 ਕਹਾਣੀਆਂ ਦਾ ਸੰਗ੍ਰਹਿ ਹੈ ਜਿਹੜੀਆਂ ਮਰਦ ਅਤੇ ਖ਼ਾਸ ਕਰਕੇ ਔਰਤਾਂ ਨੂੰ ਇੱਕ ਸੱਚਾ-ਸੁੱਚਾ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀਆਂ ਹਨ। ਇਹਨਾਂ ਕਹਾਣੀਆਂ ਵਿੱਚ ਕੁਝ ਕੁ ਥਾਈਂ ਕਈ ਅਸ਼ਲੀਲ ਸ਼ਬਦ ਵਰਤੇ ਗਏ ਹਨ। ਜਾਪਦਾ ਹੈ ਕਿ ਇਹਨਾਂ ਕਹਾਣੀਆਂ ਵਿੱਚ ਸਮੇਂ ਦੇ ਨਾਲ-ਨਾਲ ਬਹੁਤ ਰਲਾਅ ਹੋ ਗਿਆ ਹੈ।

ਉਪਰੋਕਤ ਰਚਨਾਵਾਂ ਗੁਰੂ ਜੀ ਦੀ ਅਧਿਆਤਮਿਕ ਵਿਚਾਰਧਾਰਾ ਨੂੰ ਸਪੱਸ਼ਟ ਕਰਨ ਦੇ ਨਾਲ-ਨਾਲ ਉਹਨਾਂ ਦੁਆਰਾ ਇੱਕ ਆਦਰਸ਼ ਸਮਾਜ ਦੇ ਸੁਪਨੇ ਨੂੰ ਵੀ ਸ਼ਬਦਾਂ ਦਾ ਜਾਮਾ ਪਹਿਨਾਉਂਦੀਆਂ ਹਨ। ਇਹ ਸਮਾਜਿਕ ਢਾਂਚਾ ਸਮਾਨਤਾ, ਪ੍ਰੇਮ, ਨਿਆਂ ਅਤੇ ਪਰਉਪਕਾਰ ਦੀਆਂ ਕੀਮਤਾਂ ਉੱਪਰ ਉਸਾਰਿਆ ਜਾਵੇਗਾ। ਗੁਰੂ ਜੀ ਦੁਆਰਾ 1699 ਈ. ਖ਼ਾਲਸਾ ਸਾਜਣ ਤੋਂ ਭਾਵ ਵੀ ਇੱਕ ਅਜਿਹੇ ਹੀ ਜਾਤ-ਰਹਿਤ ਅਤੇ ਜਮਾਤ-ਰਹਿਤ ਸਮਾਜ ਦੀ ਸਿਰਜਣਾ ਕਰਨਾ ਸੀ, ਜਿਸ ਵਿੱਚ ਬਰਾਬਰੀ, ਪ੍ਰੇਮ, ਨਿਆਂ, ਪਰਉਪਕਾਰ ਅਤੇ ਸ੍ਵੈ-ਮਾਣ ਵਰਗੀਆਂ ਕੀਮਤਾਂ ਦਾ ਬੋਲਬਾਲਾ ਹੋਵੇ।

ਹੁਣ ਇਹ ਦਸਮ ਗ੍ਰੰਥ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਅਤੇ ਹਿੰਦੀ ਦੇ ਅਨੁਵਾਦ ਰੂਪ ਵਿੱਚ ਵੀ ਮਿਲਦਾ ਹੈ।


ਲੇਖਕ : ਧਰਮ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 2162, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-24-04-17-37, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.